ਉਦਮ ਕਰੋ ਅਹੰਕਾਰ ਨਹੀਂ
ਉਦਮ ਕਰੋ ਅਹੰਕਾਰ ਨਹੀਂ
ਗੁਰੂ ਹਰਿਰਾਏ ਸਾਹਿਬ ਦਾ ਦਰਬਾਰ ਲੱਗਾ ਹੋਇਆ। ਰੂਹਾਨੀ ਉਪਦੇਸ਼ ਅਤੇ ਸ਼ਬਦ ਕਥਾ ਸਮਾਪਨ ਹੋਈ ਤਾਂ ਇਕ ਸਿੱਖ ਆਕੇ ਬੇਨਤੀ ਰੂਪ ਵਿੱਚ ਬੋਲਿਆ,” ਪਾਤਸ਼ਾਹ ਜੀਓ, ਮੈਂ ਸਿਮਰਨ ਵੀ ਕਰਦਾ ਤੇ ਹਰ ਪ੍ਰਾਣੀ ਮਾਤਰ ਦੀ ਸੇਵਾ ਵੀ..ਪਰ ਮੇਰੇ ਤੋਂ ਬਾਅਦ ਪਰਿਵਾਰ ਅਤੇ ਬਾਕੀ ਸੰਬੰਧੀਆਂ ਦਾ ਕੀ ਬਣੇਗਾ?”
ਗੁਰੂ ਜੀ ਬੋਲੇ,”ਜਦੋਂ ਤੂੰ ਨਹੀਂ ਸੀ ਸੰਸਾਰ ਉਦੋਂ ਵੀ ਚਲਦਾ ਸੀ, ਤੇਰੇ ਤੋਂ ਬਾਅਦ ਵੀ ਚੱਲੇਗਾ...ਮਤ ਸੋਚ ਕਿ ਸਭ ਸੰਸਾਰ ਦੀ ਕਾਰ ਤੇਰੇ ਕਰਕੇ ਚੱਲ ਰਹੀ ਹੈ।”
ਸਿੱਖ ਬੋਲਿਆ,” ਪਰ ਪਾਤਸ਼ਾਹ ਜੀ , ਦੋ ਬੇਟੇ ਤੇ ਇਕ ਕੰਨਿਆ ਹੈ ਉਹਨਾਂ ਦਾ ਕੀ ਬਣੇਗਾ?
ਪਾਤਸ਼ਾਹ ਬੋਲੇ,” ਜਿਹੜਾ ਹਰੇਕ ਦਾ ਰਿਜ਼ਕ ਦਾਤਾ ਹੈ ਉਹੀ ਸਭ ਦਾ ਪਾਲਣਹਾਰ ਹੈ, ਉਦਮ ਅਤੇ ਹੀਲਾ ਵਸੀਲਾ ਫਰਜ਼ ਹੈ ਪਰ ਦਾਅਵਾ ਨਹੀਂ ਕਿ ਸਭ ਮੇਰੇ ਕਰਕੇ ਰੋਟੀ ਖਾ ਰਹੇ ਹਨ।”
ਸਿੱਖ ਬੋਲਿਆ ਕਿ ਪਾਤਸ਼ਾਹ ਮੇਰੇ ਤੋਂ ਬਿਨਾ ਘਰ ਦਾ ਕੁਝ ਨਹੀਂ ਚੱਲਣਾ।
ਗੁਰੂ ਸਾਹਿਬ ਨੇ ਇਕ ਬੜਾ ਪਿਆਰਾ ਜਿਹਾ ਕੌਤਕ ਕੀਤਾ ਤੇ ਇਕ ਕਾਗਜ਼ ਉਪਰ ਕੁਝ ਲਿਖ ਕੇ ਉਸ ਸਿੱਖ ਨੂੰ ਦਿੱਤਾ ਅਤੇ ਕਿਹਾ ਕਿ ਜਾ ਕੇ ਆਹ ਸੁਨੇਹਾ ਫਲਾਣੇ ਪਿੰਡ ਵਿੱਚ ਵਸਦੇ ਸਿੱਖ ਨੂੰ ਦੇ ਕੇ ਆ।
ਸਿੱਖ ਸਤਿਬਚਨ ਕਹਿ ਕੇ ਤੁਰ ਪਿਆ ਅਤੇ ਦੂਸਰੇ ਪਿੰਡ ਜਾ ਕੇ ਦੱਸੇ ਹੋਏ ਪਤੇ ਉਪਰ ਵੱਸਦੇ ਸਿੱਖ ਨੂੰ ਜਾ ਕੇ ਮਿਲਿਆ। ਸਿੱਖ ਨੇ ਉਸ ਕੋਲੋ ਲੈ ਕੇ ਗੁਰੂ ਜੀ ਦਾ ਸੁਨੇਹਾ ਪੜਿਆ ਜਿਸ ਉਪਰ ਲਿਖਿਆ ਸੀ,” ਜਿਸ ਸਿੱਖ ਨੂੰ ਮੈਂ ਤੁਹਾਡੇ ਕੋਲ ਭੇਜ ਰਿਹਾ ਹਾਂ, ਇਸ ਨੂੰ ਛੇ ਮਹੀਨੇ ਲਈ ਬੰਦੀ ਬਣਾ ਲੈਣਾ.. ਪਿਆਰ ਸਹਿਤ ਰੱਖਣਾ.. ਕੋਈ ਤਕਲੀਫ਼ ਨਾ ਦੇਣੀ ਅਤੇ ਸੇਵਾ ਕਰਨੀ।”
ਸਿੱਖ ਨੇ ਚਿੱਠੀ ਪੜ੍ਹ ਕੇ ਗੁਰੂ ਸਾਹਿਬ ਦੇ ਭੇਜੇ ਸਿੱਖ ਨੂੰ ਅੰਦਰ ਬਿਠਾ ਲਿਆ ਅਤੇ ਦੱਸ ਦਿੱਤਾ ਕਿ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹੁਣ ਤੂੰ ਛੇ ਮਹੀਨੇ ਇਥੇ ਰਹੇਂਗਾ।
ਬੜਾ ਕੁਰਲਾਵੇ ਕਿ ਮੇਰੇ ਬਿਨਾਂ ਘਰ ਦਾ ਕੰਮ ਨਹੀਂ ਚਲਣਾ.. ਮੁਹੱਲੇ ਦੀ ਸੇਵਾ ਨਹੀਂ ਹੋਣੀ... ਸਾਰੇ ਭੁੱਖੇ ਮਰ ਜਾਣੇ ਆ, ਪਰ ਸਿੱਖ ਨੇ ਵਾਪਸ ਨਾ ਮੁੜਨ ਦਿੱਤਾ।
ਛੇ ਮਹੀਨੇ ਬਾਅਦ ਵਾਪਸ ਆਇਆ ਤਾਂ ਵੇਖਿਆ ਕਿ ਘਰਵਾਲੀ ਵਧੀਆ ਦੁਕਾਨਦਾਰੀ ਚਲਾ ਰਹੀ ਸੀ... ਬੇਟੀ ਨੇ ਸਿਲਾਈ ਕਢਾਈ ਸਿੱਖ ਕੇ ਰੋਜ਼ੀ ਦਾ ਵਸੀਲਾ ਬਣਾ ਲਿਆ ਸੀ ਅਤੇ ਦੋਵੇਂ ਬੇਟੇ ਕਿਸੇ ਵੱਡੇ ਸ਼ਾਹੂਕਾਰ ਦੇ ਟਹਿਲੀਏ ਲੱਗੇ ਹੋਏ ਸਨ... ਕੋਈ ਭੁੱਖਾ ਨਹੀਂ ਮਰਿਆ ਉਸ ਬਾਝੋਂ।
ਹੁਣ ਫਿਰ ਪਾਤਸ਼ਾਹ ਦੇ ਦਰਬਾਰ ਆਇਆ, ਮੱਥਾ ਟੇਕਿਆ ਤਾਂ ਪਾਤਸ਼ਾਹ ਬੋਲੇ,” ਸਿੱਖਾ ਉਦਮ ਕਰਨਾ ਅਤੇ ਸੇਵਾ ਕਰਨੀ ਫ਼ਰਜ਼ ਹੈ ਪਰ ਅਹੰਕਾਰ ਨਾਲ ਦਾਅਵਾ ਨਾ ਕਰੋ ਕਿ ਸਾਡੇ ਬਾਅਦ ਜ਼ਹਾਨ ਦੇ ਕੰਮ-ਕਾਜ ਰੁੱਕ ਜਾਣੇ ਹਨ।”
👌👌👌👌👌
ReplyDeleteGood g
ReplyDeleteThnx g
DeleteAwesome
ReplyDelete