ਦਿਲ ਦੀ ਅਮੀਰੀ

 

ਹੰਢੇ ਵਰਤੇ ਸੂਟਾਂ ਬਦਲੇ ਨਵੇਂ ਭਾਂਡੇ ਵਟਾਉਣ ਦਾ ਹੋਕਾ ਦਿੰਦਾ ਹੋਇਆ ਉਹ ਜਦੋਂ ਕਸ਼ਮੀਰ ਕੌਰ ਦੀ ਕੋਠੀ ਮੂਹਰੇ ਅੱਪੜਿਆਂ ਤਾਂ ਅੱਗੋਂ ਕਸ਼ਮੀਰ ਕੌਰ ਨੇ ਦੋ ਸੂਟਾਂ ਬਦਲੇ ਇੱਕ ਲੋਹੇ ਦੀ ਛਾਨਣੀ ਪਸੰਦ ਕਰ ਲਈ..!ਉਸਨੇ ਅੱਗੋਂ ਏਨੀ ਗੱਲ ਆਖ ਤਿੰਨ ਸੂਟ ਮੰਗ ਲਏ ਕੇ "ਬੀਬੀ ਜੀ ਲੋਹਾ ਮਹਿੰਗਾ ਹੋ ਗਿਆ ਏ ਤੇ ਦੋ ਸੂਟਾਂ ਬਦਲੇ ਇੱਕ ਛਾਨਣੀ ਬਿਲਕੁਲ ਵੀ ਵਾਰਾ ਨੀ ਖਾਂਦੀ.."

ਕਸ਼ਮੀਰ ਕੌਰ ਅੱਗੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਹੀ ਸੀ..ਲਗਾਤਾਰ ਏਹੀ ਗੱਲ ਆਖੀ ਜਾ ਰਹੀ ਸੀ ਕੇ "ਵੇ ਭਾਈ ਜਦੋਂ ਦੇ ਸੰਵਾਏ ਨੇ ਉਂਝ ਦੇ ਉਂਝ ਹੀ ਤਾਂ ਪਏ ਨੇ ਨਵੇਂ ਨਕੋਰ..ਇੱਕ ਵਾਰ ਵੀ ਗਲ਼ ਪਾ ਕੇ ਨਹੀਂ ਵੇਖੇ..ਵੇਖੀਂ ਨਵਿਆਂ ਦੇ ਭਾਅ ਹੀ ਵਿਕਣਗੇ"

ਅਜੇ ਬਹਿਸ ਹੋ ਹੀ ਰਹੀ ਸੀ ਕੇ ਨੰਗ-ਧੜੰਗਾ ਨਿਆਣਾ ਚੁੱਕੀ ਅਤੇ ਪਾਟਾ ਪੂਰਾਣਾ ਜਿਹਾ ਸੂਟ ਪਾਈ ਇੱਕ ਜੁਆਨ ਜਿਹੀ ਔਰਤ ਨੇ ਆਣ ਕਸ਼ਮੀਰ ਕੌਰ ਅੱਗੇ ਹੱਥ ਅੱਡ ਦਿੱਤੇ..ਆਖਣ ਲੱਗੀ "ਬੀਬੀ ਜੀ ਜੇ ਕੋਈ ਬਚੀ ਖੁਚੀ ਰੋਟੀ ਹੈ ਤਾਂ ਦੇ ਦੇਵੋ..ਨਿਆਣਾ ਕੱਲ ਦਾ ਭੁੱਖਾ ਏ.."

ਕਸ਼ਮੀਰ ਕੌਰ ਨੇ ਉਸਦੇ ਸੂਟ ਅੰਦਰੋਂ ਦਿਸਦੇ ਅੱਧਨੰਗੇ ਸਰੀਰ ਵੱਲ ਘਿਰਣਾ ਜਿਹੀ ਨਾਲ ਵੇਖਿਆ ਤੇ ਫੇਰ ਛੇਤੀ ਨਾਲ ਅੰਦਰ ਜਾ ਡਸਟਬਿਨ ਕੋਲ ਕੁੱਤਿਆਂ ਬਿੱਲੀਆਂ ਜੋਗੀਆਂ ਰੱਖੀਆਂ ਕਿੰਨੇ ਦਿਨ ਪੂਰਾਣੀਆਂ ਦੋ ਬੇਹੀਆਂ ਰੋਟੀਆਂ ਲਿਆ ਉਸ ਵੱਲ ਇੰਝ ਵਧਾ ਦਿੱਤੀਆਂ ਜਿੱਦਾਂ ਕੋਈ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ..!

ਤੇ ਮੁੜ ਛੇਤੀ ਨਾਲ ਉਸ ਭਾਂਡਿਆਂ ਵਾਲੇ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ "ਵੇ ਭਾਈ ਫੇਰ ਕੀ ਸੋਚਿਆ ਈ ਤੂੰ..ਦੋ ਸੂਟ ਲੈਣੇ ਨੇ ਕੇ ਲੈ ਜਾਵਾਂ ਅੰਦਰ ਫੇਰ?

ਉਸਨੇ ਅੱਗੋਂ ਰੋਟੀਆਂ ਲੈ ਕੇ ਤੁਰੀ ਜਾ ਰਹੀ ਦੇ ਥਾਂ-ਥਾਂ ਟਾਕੀਆਂ ਲੱਗੇ ਸੂਟ ਅੰਦਰੋਂ ਝਾਤੀ ਮਾਰਦੇ ਅੱਧਨੰਗੇ ਸਰੀਰ ਵੱਲ ਪਿੱਛਿਓਂ ਸਰਸਰੀ ਜਿਹੀ ਨਜਰ ਮਾਰੀ ਤੇ ਕਾਹਲੀ ਜਿਹੀ ਨਾਲ ਆਖਣ ਲੱਗਾ "ਲਿਆਓ ਬੀਬੀ ਜੀ ਦੇ ਦੇਵੋ ਦੋ ਸੂਟ..ਤੇ ਆਹ ਲਵੋ ਆਪਣੀ ਛਾਨਣੀ.."

ਏਨੀ ਗੱਲ ਆਖ਼ ਉਹ ਛੇਤੀ ਨਾਲ ਨਿਆਣਾ ਚੁੱਕ ਤੁਰੀ ਜਾਂਦੀ ਵੱਲ ਨੂੰ ਹੋ ਤੁਰਿਆ..

ਬਿਲਕੁਲ ਕੋਲ ਜਾ ਹੇਠਾਂ ਉੱਤਰ ਸਾਈਕਲ ਸਟੈਂਡ ਤੇ ਲਾ ਦਿੱਤਾ ਤੇ ਕਸ਼ਮੀਰ ਕੌਰ ਵਾਲੇ ਦੋਵੇਂ ਸੂਟ ਉਸ ਨੂੰ ਫੜਾ ਦਿੱਤੇ..

ਮੁੜ ਲੰਮਾ ਸਾਰਾ ਸਾਹ ਲਿਆ ਤੇ ਪਿਛਲੀ ਗਲੀ ਨੂੰ ਹੋ ਅੱਖੋਂ ਓਹਲੇ ਹੋ ਗਿਆ..!

ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਦੀ ਹੋਈ ਕਸ਼ਮੀਰ ਕੌਰ ਨੂੰ ਪਤਾ ਨਹੀਂ ਕਿਓਂ ਅੱਜ ਹਥੀਂ ਫੜੀ ਛਾਨਣੀ ਦੀਆਂ ਲੋਹੇ ਦੀਆਂ ਤਾਰਾਂ ਹੱਥਾਂ ਦੇ ਪੋਟਿਆਂ ਵਿਚ ਖੁੱਬਦੀਆਂ ਹੋਈਆਂ ਮਹਿਸੂਸ ਹੋ ਰਹੀਆਂ ਸਨ..!ਤੇ ਦੂਜੇ ਪਾਸੇ ਭਾਂਡੇ ਵੇਚਣ ਵਾਲਾ ਸਾਈਕਲ ਤੇ ਚੜਿਆ ਇੱਕ ਰੱਬ ਦੁਨੀਆਦਾਰੀ ਦੇ ਵਾਹੋਦਾਹੀ ਵਾਲੇ ਜੰਗਲ ਵਿਚ ਇੱਕ ਵੱਡਾ ਸੌਦਾ ਸਿਰੇ ਚਾੜ ਖੁਦ ਨੂੰ ਹਵਾ ਵਿਚ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀ..!

ਦੋਸਤੋ ਕਿਸੇ ਨੇ ਬਿਲਕੁਲ ਸਹੀ ਆਖਿਆ ਏ ਕੇ "ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ"

Comments

Post a Comment

Popular posts from this blog

THE KINDNESS OF OUR EARTH

ਮਜਦੂਰਾ ਦੀਆ ਮਜਬੂਰੀਆ

BEAUTIFUL THOUGHTS